Monday, July 6, 2020
Crime

ਹੋਟਲ ‘ਚੋਂ ਫੜਿਆ ਪ੍ਰੇਮੀ ਜੋੜਾ, ਇਕ ਮਹੀਨੇ ਬਾਅਦ ਵਿਆਹ ਕਰਵਾਉਣ ਦਾ ਹੋਇਆ ਰਾਜ਼ੀਨਾਮਾ

ਨਕੋਦਰ (ਪਾਲੀ)-ਸਿਟੀ ਪੁਲਸ ਸਥਾਨਕ ਸ਼ਹਿਰ ਦੇ ਇਕ ਹੋਟਲ ‘ਚੋਂ ਇਕ ਪ੍ਰੇਮੀ ਜੋੜੇ ਨੂੰ ਕਾਬੂ ਕਰਕੇ ਥਾਣੇ ਲੈ ਆਈ ਪਰ ਦੇਰ ਸ਼ਾਮ ਪਰਿਵਾਰਕ ਮੈਂਬਰਾਂ ਨੇ ਦੋਵਾਂ ਦਾ ਇਕ ਮਹੀਨੇ ਬਾਅਦ ਵਿਆਹ ਕਰਨ ਦਾ ਫੈਸਲਾ ਕਰ ਕੇ ਮਾਮਲਾ ਸ਼ਾਂਤ ਕੀਤਾ, ਜਿਸ ਦੀ ਸ਼ਹਿਰ ਵਿਚ ਖੂਬ ਚਰਚਾ ਰਹੀ। ਜਾਣਕਾਰੀ ਅਨੁਸਾਰ ਨੂਰਮਹਿਲ ਰੋਡ ‘ਤੇ ਸਥਿਤ ਇਕ ਹੋਟਲ ਵਿਚ ਲੜਕਾ ਆਪਣੀ ਪ੍ਰੇਮਿਕਾ ਨੂੰ ਲੈ ਕੇ ਆਇਆ ਸੀ, ਜਿਸ ਦੀ ਭਿਣਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਲੱਗੀ ਤਾਂ ਉਹ ਵੱਡੀ ਗਿਣਤੀ ‘ਚ ਹੋਟਲ ‘ਚ ਪਹੁੰਚੇ ਗਏ ਅਤੇ ਲੜਕੇ ਨੇ ਵੀ ਮਾਮਲਾ ਵਿਗੜਦਾ ਦੇਖ ਕੇ ਆਪਣੇ ਪਰਿਵਾਰ ਨੂੰ ਸੱਦ ਲਿਆ। ਦੋਵਾਂ ਦੇ ਵੱਡੀ ਗਿਣਤੀ ‘ਚ ਪਹੁੰਚੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ‘ਚ ਗਹਿਮਾ-ਗਹਿਮੀ ਹੋ ਗਈ। ਇਸ ਤੋਂ ਪਹਿਲਾਂ ਕਿ ਕੋਈ ਅਣਸੁਖਾਵੀ ਘਟਨਾ ਵਾਪਰਦੀ, ਸਿਟੀ ਅਤੇ ਸਦਰ ਥਾਣਾ ਮੁਖੀ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਲੜਕਾ-ਲੜਕੀ ਨੂੰ ਕਾਬੂ ਕਰਕੇ ਥਾਣੇ ਲੈ ਆਏ।

ਸੂਤਰ ਦੱਸਦੇ ਹਨ ਕਿ ਉਕਤ ਲੜਕਾ ਨੂਰਮਹਿਲ ਅਤੇ ਲੜਕੀ ਨਕੋਦਰ ਦੇ ਨਜ਼ਦੀਕ ਇਕ ਪਿੰਡ ਦੀ ਹੈ। ਪਹਿਲਾਂ ਤਾਂ ਮਾਮਲੇ ਨੂੰ ਰਫਾ-ਦਫਾ ਕਰਕੇ ਰਾਜ਼ੀਨਾਮਾ ਕਰਨ ਦੀ ਕੋਸ਼ਿਸ਼ ‘ਚ ਲੱਗੇ ਰਹੇ। ਲੜਕੀ ਦੇ ਪਰਿਵਾਰ ਨੇ ਰਾਜ਼ੀਨਾਮਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਲੜਕੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਪਰ ਦੇਰ ਰਾਤ ਦੋਵਾਂ ਧਿਰਾਂ ‘ਚ ਰਾਜ਼ੀਨਾਮਾ ਹੋ ਗਿਆ।

ਦੋਵਾਂ ਦਾ ਹੋਵੇਗਾ ਵਿਆਹ : ਥਾਣਾ ਮੁਖੀ
ਇਸ ਮਾਮਲੇ ਸਬੰਧੀ ਜਦੋਂ ਸਿਟੀ ਥਾਣਾ ਮੁਖੀ ਊਸ਼ਾ ਰਾਣੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੂਰਮਹਿਲ ਰੋਡ ‘ਤੇ ਹੋਟਲ ਦੇ ਬਾਹਰ ਕਾਫੀ ਲੋਕ ਇਕੱਠੇ ਹੋਏ ਹਨ, ਕੋਈ ਝਗੜਾ ਹੋ ਸਕਦਾ ਹੈ। ਸੂਚਨਾ ਮਿਲਦਿਆਂ ਉਹ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਕੇ ਲੜਕਾ-ਲੜਕੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਲੈ ਆਏ, ਜਿੱਥੇ ਕਾਫੀ ਸਮੇਂ ਬਾਅਦ ਦੋਵਾਂ ਪਰਿਵਾਰਾਂ ਦੀ ਸਹਿਮਤੀ ਬਣ ਗਈ ਕਿ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇਗਾ, ਜਿਸ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇ।

ਪਹਿਲਾਂ ਫੜੇ ਜੋੜੇ ਨੂੰ ਛੱਡਿਆ ਸੀ ਬਿਨਾਂ ਕਾਰਵਾਈ ਕੀਤੇ
ਸ਼ਹਿਰ ਵਿਚ ਕੁਝ ਦਿਨ ਪਹਿਲਾਂ ਸ਼ਹਿਰ ਦੇ ਇਕ ਹੋਟਲ ਵਿਚ ਪੁਲਸ ਨੇ ਛਾਪੇਮਾਰੀ ਕਰਕੇ ਇਕ ਜੋੜੇ ਨੂੰ ਕਾਬੂ ਕੀਤਾ ਸੀ ਪਰ ਕੁਝ ਆਗੂਆਂ ਨੇ ਪੁਲਸ ਨਾਲ ਮਿਲ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਸੀ।

up2mark
the authorup2mark

Leave a Reply