Monday, July 6, 2020
Politics

ਸੱਤਾ ਦੇ ਲਾਲਚ ‘ਚ ਲੋਕਾਂ ਦਾ ਧਿਆਨ ਭਟਕਾਉਣ ਲਈ ਅਕਾਲੀਆਂ ਨੇ ਕਰਵਾਈ ਬੇਅਦਬੀ : ਧਰਮਸੌਤ

ਕਾਂਗਰਸ ਪਾਰਟੀ ਦੇ 5ਵੀਂ ਵਾਰ ਵਿਧਾਇਕ ਤੇ ਤੀਜੀ ਵਾਰ ਵਜ਼ੀਰ ਬਣੇ ਸਾਧੂ ਸਿੰਘ ਧਰਮਸੌਤ ਅੱਜਕਲ ਤਿੰਨ ਵਿਭਾਗਾਂ (ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ ਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਭਲਾਈ ਵਿਭਾਗ) ਦਾ ਕੰਮਕਾਜ ਵੇਖ ਰਹੇ ਹਨ। ਬੀਤੇ ਦਿਨੀਂ ਉਹ ਜਗਬਾਣੀ ਟੀ. ਵੀ. ਦੇ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਪੰਜਾਬ ਦੇ ਚਲੰਤ ਮਸਲਿਆਂ ‘ਤੇ ਸਾਡੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਅਤੇ ਕਮਲ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਜਿੱਥੇ ਅਕਾਲੀ ਦਲ ਦੇ ਸਾਰੇ ਦੋਸ਼ਾਂ ਦਾ ਜਵਾਬ ਦਿੱਤਾ, ਉਥੇ ਵਾਤਾਵਰਣ ਨੂੰ ਬਚਾਉਣ ਤੇ ਦਲਿਤਾਂ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ।
ਪੇਸ਼ ਹੈ ਮੰਤਰੀ ਨਾਲ ਕੀਤੀ ਗਈ ਪੂਰੀ ਗੱਲਬਾਤ :-
ਸਵਾਲ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਅਕਾਲੀ ਦਲ ਦਾ ਕਹਿਣਾ ਕਿ ਕਾਂਗਰਸ ਬਦਲਾਖੋਰੀ ਦੀ ਰਾਜਨੀਤੀ ਕਰਕੇ ਸੂਬੇ ਦਾ ਮਾਹੌਲ ਖਰਾਬ ਕਰ ਰਹੀ ਹੈ?
ਜਵਾਬ : ਕਾਂਗਰਸ ਨੇ ਹਮੇਸ਼ਾ ਜਨਤਾ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਮਾਂ ਚਾਹੇ ਮਰਹੂਮ ਬੇਅੰਤ ਸਿੰਘ ਦੀ ਸਰਕਾਰ ਦਾ ਹੋਵੇ, ਉਦੋਂ ਵੀ ਤਿੰਨ ਹਜ਼ਾਰ ਪਾਰਟੀ ਵਰਕਰਾਂ ਸਮੇਤ ਮੁੱਖ ਮੰਤਰੀ ਨੇ ਸ਼ਹਾਦਤ ਦੇ ਕੇ ਉਜੜੇ ਹੋਏ ਪੰਜਾਬ ਨੂੰ ਬਚਾਇਆ ਸੀ। ਰਹੀ ਗੱਲ ਅਕਾਲੀ ਦਲ ਦੀ ਤਾਂ ਇਨ੍ਹਾਂ ਨੂੰ ਭੱਜਣ ਦੀ ਬਜਾਏ ਸੈਸ਼ਨ ‘ਚ ਬੈਠ ਕੇ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ। ਮੈਂ ਖੁਦ ਬਿਜ਼ਨੈੱਸ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਸੀ, ਜਿਸ ਵਿਚ ਅਕਾਲੀ ਦਲ ਦਾ ਇਕ ਸਾਬਕਾ ਮੰਤਰੀ ਵੀ ਮੈਂਬਰ ਸੀ ਤੇ ਵਿਰੋਧੀ ਧਿਰ ਦਾ ਵੀ ਇਕ ਲੀਡਰ ਸ਼ਾਮਲ ਸੀ। ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਹੋਇਆ ਸੀ ਕਿ ਬਹਿਸ ਦੋ ਘੰਟੇ ਹੀ ਹੋਵੇਗੀ ਪਰ ਜੇ ਲੋੜ ਪਈ ਤਾਂ ਮੌਕੇ ਮੁਤਾਬਕ ਸੈਸ਼ਨ ਵਧਾ ਲਿਆ ਜਾਵੇਗਾ। ਕਮੇਟੀ ਦਾ ਫੈਸਲਾ ਹੀ ਸਪੀਕਰ ਸਾਬ੍ਹ ਨੇ ਸਾਰੀਆਂ ਧਿਰਾਂ ਨੂੰ ਸੁਣਾਇਆ ਸੀ। ਇੱਥੋਂ ਤੱਕ ਕਿ ਜਦੋਂ ਅਕਾਲੀਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਦੋਂ ਵੀ ਸਪੀਕਰ ਵੱਲੋਂ ਕਿਹਾ ਗਿਆ ਸੀ ਕਿ ਜੇ ਤੁਸੀਂ ਬਹਿਸ ਕਰਨਾ ਚਾਹੁੰਦੇ ਹੋ ਤਾਂ ਆਪਾਂ ਸੈਸ਼ਨ ਅਗਲੇ ਦਿਨ ਤੱਕ ਵੀ ਵਧਾ ਲਵਾਂਗੇ ਪਰ ਅਕਾਲੀਆਂ ਦੇ ਮਨ ‘ਚ ਡਰ ਸੀ ਕਿਉਂਕਿ ਗੁਨਾਹਗਾਰ ਸੱਚ ਦਾ ਸਾਹਮਣਾ ਨਹੀਂ ਕਰ ਸਕਦਾ, ਇਸੇ ਕਰਕੇ ਉਹ ਭਗੌੜੇ ਹੋ ਗਏ।

ਸਵਾਲ : ਜਿਸ ਤਰ੍ਹਾਂ ਕਮਿਸ਼ਨ ਦੀ ਰਿਪੋਰਟ ‘ਚ ਸਿਰਫ ਇਹ ਲਿਖਿਆ ਹੈ ਕਿ ਤਤਕਾਲੀ ਮੁੱਖ ਮੰਤਰੀ ਬਾਦਲ ਵੱਲੋਂ ਡੀ. ਜੀ. ਪੀ. ਨਾਲ ਦੇਰ ਰਾਤ ਗੱਲ ਕੀਤੀ ਗਈ ਪਰ ਇਹ ਕਿੱਥੇ ਸਾਬਤ ਹੁੰਦਾ ਹੈ ਕਿ ਉਨ੍ਹਾਂ ਗੋਲੀ ਚਲਾਉਣ ਦਾ ਆਦੇਸ਼ ਦਿੱਤਾ ਸੀ?
ਜਵਾਬ : ਵੇਖੋ, ਪਰਿਵਾਰ ਦੀ ਗਲਤੀ ਦਾ ਉਲ੍ਹਾਮਾ ਹਮੇਸ਼ਾ ਘਰ ਦੇ ਮਾਲਕ ਸਿਰ ਹੀ ਜਾਂਦਾ ਹੈ। ਜੇਕਰ ਉਹ ਸੱਚੇ ਹਨ ਤਾਂ ਉਨ੍ਹਾਂ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ, ਚੁੱਪੀ ਕਿਸ ਗੱਲ ਦੀ ਹੈ। ਜੇ ਅਕਾਲੀ ਸੱਚੇ ਹਨ ਤਾਂ ਫਿਰ ਲੋਕਾਂ ਜਾਂ ਲੀਡਰਾਂ ਦੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦੇ?

ਸਵਾਲ : ਕੀ ਤੁਸੀਂ ਖੁਦ ਜਸਟਿਸ ਕਮਿਸ਼ਨ ਦੀ ਰਿਪੋਰਟ ਪੜ੍ਹੀ ਹੈ?
ਜਵਾਬ : ਨਹੀਂ, ਮੈਂ ਅਜੇ ਰਿਪੋਰਟ ਨਹੀਂ ਪੜ੍ਹੀ ਅਤੇ ਨਾ ਹੀ ਵਿਧਾਨ ਸਭਾ ‘ਚ ਬੋਲਿਆ ਹਾਂ।

ਸਵਾਲ : ਬੇਅਦਬੀ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਦੇਣ ਦੀ ਲੋੜ ਕਿਉਂ ਪਈ?
ਜਵਾਬ : ਇਹ ਤਾਂ ਮੌਕੇ ਦੀ ਲੋੜ ਸੀ ਪਰ ਹੁਣ ਸਦਨ ਨੇ ਜਾਂਚ ਵਾਪਸ ਲੈਣ ਦਾ ਮਤਾ ਪਾਸ ਕੀਤਾ ਹੈ ਤਾਂ ਵਾਪਸ ਲਈ ਜਾ ਰਹੀ ਹੈ।

ਸਵਾਲ : ਅਕਾਲੀ ਕਹਿੰਦੇ ਕਾਂਗਰਸ ਨੇ ਖਹਿਰਾ ਨਾਲ ਮੈਚ ਫਿਕਸਿੰਗ ਕਰਕੇ ਉਸ ਦੇ ਰਿਸ਼ਤੇਦਾਰ ਤੋਂ ਸਾਡੇ ਖਿਲਾਫ ਰਿਪੋਰਟ ਤਿਆਰ ਕਰਵਾਈ ਹੈ?
ਜਵਾਬ : ਕੋਈ ਗੱਲ ਨਹੀਂ ਜੀ, ਇਹ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਹੈ। ਰਹੀ ਗੱਲ ਫਿਕਸਿੰਗ ਦੀ ਤਾਂ ਮੈਂ ਸਮਝਦਾ ਹਾਂ  ਕਿ ਜਦੋਂ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਉਂਦੀ ਹੈ ਤਾਂ ਸਭ ਨੂੰ ਮਿਲ ਕੇ ਹੀ ਚਿੰਤਾ ‘ਤੇ ਚਰਚਾ ਕਰਨੀ ਚਾਹੀਦੀ ਹੈ ਜਦਕਿ ਅਕਾਲੀ ਦਲ ਦੇ ਲੀਡਰਾਂ ਨੇ ਤਾਂ ਇੰਨੇ ਗੰਭੀਰ ਮੁੱਦੇ ‘ਤੇ ਵੀ ਵਾਕਆਊਟ ਕਰ ਦਿੱਤਾ, ਸਗੋਂ ਉਨ੍ਹਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ। ਮੈਂ ਤਾਂ ਕਹਿੰਦਾ ਜੇ ਸਾਡੇ ਤੋਂ ਵੀ ਅਜਿਹੀ ਬੱਜਰ ਗਲਤੀ ਹੁੰਦੀ ਹੈ ਤਾਂ ਸਾਡੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਸਵਾਲ : ਤੁਸੀਂ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆਂ ‘ਤੇ ਤਾਂ ਕਮਿਸ਼ਨ ਬਿਠਾ ਦਿੱਤਾ ਤੇ ਰਿਪੋਰਟ ਵੀ ਪੇਸ਼ ਕਰ ਦਿੱਤੀ ਪਰ ਜੋ ਬੇਅਦਬੀਆਂ ਤੁਹਾਡੀ ਸਰਕਾਰ ‘ਚ ਹੋ ਰਹੀਆਂ ਨੇ ਕੀ ਇਸ ਦੀ ਵੀ ਜਾਂਚ ਕਰਵਾਓਗੇ?
ਜਵਾਬ : ਵੇਖੋ ਸਾਡੀ ਸਰਕਾਰ ਸਮੇਂ ਕੋਈ ਬੇਅਦਬੀ ਦੀ ਵੱਡੀ ਘਟਨਾ ਸਾਹਮਣੇ ਨਹੀਂ ਆਈ ਹੈ। ਜ਼ਰੂਰ ਕੁਝ ਕੁ ਕੇਸ ਸਾਹਮਣੇ ਆਏ ਵੀ ਹਨ, ਜਿਨ੍ਹਾਂ ‘ਤੇ ਸਰਕਾਰ ਸਖਤ ਕਦਮ ਚੁੱਕ ਰਹੀ ਹੈ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇਗੀ, ਜਿਸ ਬਾਰੇ ਮੁੱਖ ਮੰਤਰੀ ਸਾਬ੍ਹ ਵਚਨਬੱਧ ਹਨ।

ਸਵਾਲ : ਜਿਸ ਤਰ੍ਹਾਂ ਤਿੰਨੇ ਪਾਰਟੀਆਂ ਇਕ ਦੂਜੇ ਖਿਲਾਫ ਪੁਤਲੇ ਫੂਕ ਰਹੀਆਂ ਹਨ, ਕੀ ਇਸ ਤਰ੍ਹਾਂ ਸੂਬੇ ਦਾ ਮਾਹੌਲ ਖਰਾਬ ਨਹੀਂ ਹੋਵੇਗਾ?
ਜਵਾਬ : ਵੇਖੋ ਪੰਜਾਬ ਦੇ ਲੋਕਾਂ ਦੇ ਮਨ ‘ਚ ਇਸ ਗੱਲ ਦਾ ਬੜਾ ਗੁੱਸਾ ਹੈ ਕਿ ਅਕਾਲੀ ਦਲ ਨੇ 25 ਸਾਲ ਦੀ ਸੱਤਾ ਦੇ ਲਾਲਚ ਵਿਚ ਲੋਕਾਂ ਦਾ ਧਿਆਨ ਬਦਲਣ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਾਅ ‘ਤੇ ਲਾ ਦਿੱਤਾ। ਜਦੋਂ ਇਹ ਗੰਭੀਰ ਮਸਲੇ ‘ਤੇ ਵਿਧਾਨ ਸਭਾ ਵਿਚ ਵੀ ਨਹੀਂ ਰੁਕੇ ਤਾਂ ਲੋਕਾਂ ਨੂੰ ਯਕੀਨ ਹੋ ਗਿਆ ਕਿ ਇਹ ਝੂਠੇ ਹਨ, ਇਸੇ ਕਰਕੇ ਉਨ੍ਹਾਂ ਵੱਲੋਂ ਪੁਤਲੇ ਫੂਕੇ ਜਾ ਰਹੇ ਹਨ। ਬਾਕੀ ਲੋਕ ਸੂਝਵਾਨ ਹਨ, ਉਹ ਲੋਕਤੰਤਰ ਦਾ ਇਸਤੇਮਾਲ ਕਰਦਿਆਂ ਇਨ੍ਹਾਂ ਖਿਲਾਫ ਪੁਤਲਾ ਫੂਕ ਮੁਜ਼ਾਹਰਾ ਕਰ ਰਹੇ ਹਨ ਪਰ ਹਾਲਾਤ ਬਿਲਕੁੱਲ ਖਰਾਬ ਨਹੀਂ ਹੋਣ ਦੇਣਗੇ।

ਸਵਾਲ : ਐੱਸ. ਸੀ. ਬੀ. ਸੀ. (ਦਲਿਤ) ਭਾਈਚਾਰੇ ਲਈ ਤੁਸੀਂ ਹੁਣ ਤੱਕ ਕੀ ਫੈਸਲੇ ਲਏ ਹਨ?
ਜਵਾਬ : ਮੇਰੀ ਇੱਛਾ ਸੀ ਕਿ ਪੱਛੜੇ ਵਰਗਾਂ ਨੂੰ ਸਮਾਜ ‘ਚ ਉਨ੍ਹਾਂ ਦਾ ਹੱਕ ਮਿਲੇ। ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੇਰੇ ਕੋਲੋਂ ਦਲਿਤ ਭਾਈਚਾਰੇ ਸਬੰਧੀ ਵਿਧਾਨ ਸਭਾ ‘ਚ ਪੇਸ਼ ਕੀਤੇ ਗਏ ਪੰਜਾਬ ਅਨੁਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਐਕਟ 2006 (ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ) ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰਵਾਇਆ ਤੇ ਪੱਛੜੇ ਵਰਗਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ। ਇਸ ਐਕਟ ਨਾਲ ਗਰੁੱਪ ਏ ਤੇ ਬੀ ਨੂੰ 14 ਫੀਸਦੀ ਅਤੇ ਗਰੁੱਪ ਸੀ ਤੇ ਡੀ ਨੂੰ 20 ਫੀਸਦੀ ਸਰਕਾਰੀ ਨੌਕਰੀਆਂ ‘ਚ ਰਾਖਵਾਂਕਰਨ ਮੁੜ ਮਿਲਣਾ ਸ਼ੁਰੂ ਹੋ ਜਾਵੇਗਾ, ਜੋ ਕਿ ਲੰਬੇ ਸਮੇਂ ਤੋਂ ਬੰਦ ਸੀ। ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਐੱਸ. ਸੀ. ਬੀ. ਸੀ. ਵਰਗ ਦੇ 52 ਕਰੋੜ ਦੇ ਕਰਜ਼ੇ ਮੁਆਫ ਕੀਤੇ ਗਏ ਹਨ। ਅਗਲੇ ਸਾਲ 56 ਕਰੋੜ ਦੇ ਹੋਰ ਕਰਜ਼ੇ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਜੋ ਲੋਕ ਕਰਜ਼ਾ ਨਹੀਂ ਮੋੜ ਸਕੇ ਪਰ ਉਨ੍ਹਾਂ ਵਲੋਂ ਲਏ ਗਏ ਕਰਜ਼ੇ ਤੋਂ ਵੱਧ ਦੀ ਰਕਮ ਭਰ ਦਿੱਤੀ ਗਈ ਹੈ, ਉਨ੍ਹਾਂ ਦੀ ਵਨ-ਟਾਈਮ ਸੈਟਲਮੈਂਟ ਕਰਕੇ ਕਰਜ਼ਾ ਮੁਆਫੀ ਕੀਤੀ ਜਾਵੇਗੀ।

ਸਵਾਲ -ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀ ਕੀ ਤਿਆਰੀ ਹੈ?
ਜਵਾਬ –ਅਕਾਲੀ ਦਲ ਉਤੇ ਸੂਬੇ ਦੀ ਜਨਤਾ ਦਾ ਭਰੋਸਾ ਬਹਾਲ ਨਹੀਂ ਹੋਇਆ, ਆਮ ਆਦਮੀ ਪਾਰਟੀ ਦਾ ਝਾੜੂ ਤੀਲਾ-ਤੀਲਾ ਹੋ ਚੁੱਕਾ ਹੈ ਤੇ ਮੋਦੀ ਸਰਕਾਰ ਦੇ ‘ਅੱਛੇ ਦਿਨ’ ਦੇਸ਼ ਦੀ ਜਨਤਾ ਨੇ ਨੋਟਬੰਦੀ ਤੇ ਜੀ.ਐੱਸ.ਟੀ. ਤੇ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਲਗਾਤਾਰ ਵਧੀਆਂ ਕੀਮਤਾਂ ਵਰਗੇ ਅੱਤ ਮਾਰੂ ਫੈਸਲਿਆਂ ਦੇ ਰੂਪ ‘ਚ ਵੇਖ ਲਏ ਹਨ। ਸੋ 2019 ‘ਚ ਪੰਜਾਬ ਦਾ ਦ੍ਰਿਸ਼ ਬਿਲਕੁਲ ਸਾਫ ਹੈ, ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤੇਗੀ।

ਅਹੁਦਾ ਛੱਡ ਦੇਵਾਂਗਾ ਪਰ ਦਰੱਖਤ ਕੱਟਣ ਵਾਲਿਆਂ ਨੂੰ ਨਹੀਂ ਛੱਡਾਂਗਾ
ਵੇਖੋ ਮੈਂ ਕਿਸੇ ਕਸੂਰਵਾਰ ਨੂੰ ਬਖਸ਼ਦਾ ਨਹੀਂ ਹਾਂ। ਰਹੀ ਗੱਲ ਸਖਤੀ ਦੀ ਤਾਂ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਅਕਾਲੀ ਸਰਕਾਰ ਸਮੇਂ 25 ਹਜ਼ਾਰ ਦਰੱਖਤ ਕੱਟਣ ਦਾ ਮਾਮਲਾ ਆਇਆ ਹੈ, ਤੁਸੀਂ ਵੇਖਿਓ ਕਿ ਉਨ੍ਹਾਂ ‘ਚੋਂ ਇਕ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਰਹੀ ਗੱਲ ਮਾਫੀਆ ਦੀ ਤਾਂ ਮੈਂ ਖੁਦ ਗੜ੍ਹਸ਼ੰਕਰ ‘ਚੋਂ ਲੱਖਾਂ ਦੀ ਮਹਿੰਗੀ ਲੱਕੜ ਦੀ ਕਾਲਾਬਾਜ਼ਾਰੀ ਫੜੀ ਤੇ ਸਬੰਧਤ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਤੋਂ ਇਲਾਵਾ ਮੈਂ 5 ਹਜ਼ਾਰ ਏਕੜ ਜੰਗਲਾਤ ਦੀ ਜ਼ਮੀਨ ਵੀ ਲੋਕਾਂ ਦੇ ਕਬਜ਼ੇ ਹੇਠੋਂ ਛੁਡਵਾਈ ਹੈ, ਜਿੱਥੇ ਅਸੀਂ ਦਰੱਖਤ ਲਾ ਰਹੇ ਹਾਂ ਤੇ ਆਉਣ ਵਾਲੇ ਸਮੇਂ ‘ਚ ਅਸੀਂ ਕਰੀਬ 31 ਹਜ਼ਾਰ ਏਕੜ ਜ਼ਮੀਨ ਖਾਲੀ ਕਰਵਾ ਰਹੇ ਹਾਂ, ਜਿਸ ਬਾਰੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ।

ਹੁਣ ਹੋ ਰਹੀ ਹੈ ਘਰ-ਘਰ
* ਹਰਿਆਲੀ ਐਪ ਰਾਹੀਂ 40 ਲੱਖ ਬੂਟੇ ਲੈ ਚੁੱਕੇ ਹਨ ਲੋਕ
* ਹੁਣ ਤੱਕ ਵਿਭਾਗ ਵਲੋਂ ਵੰਡੇ ਗਏ 1.3 ਕਰੋੜ ਪੌਦੇ
* 2 ਕਰੋੜ ਬੂਟੇ ਲਾਉਣ ਦਾ ਹੈ ਟੀਚਾ

ਬੇਸ਼ੱਕ ਮੈਂ ਵਣ ਮੰਤਰੀ ਹਾਂ ਪਰ ਇਕ ਦਾਤਣ ਨਹੀਂ ਵੱਢ ਸਕਦਾ
ਪੰਜਾਬ ‘ਚ ਦਰੱਖਤਾਂ ਦੀ ਕਟਾਈ ਤੇ ਵਿਕਰੀ ਦੇ ਚੱਲ ਰਹੇ ਮਾਫੀਆ ਨੂੰ ਨੱਥ ਪਾਉਣ ‘ਤੇ ਜਦੋਂ ਮੰਤਰੀ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕਾਂ ਵਾਂਗ ਕਾਨੂੰਨ ਤਾਂ ਸਾਡੇ ਮੁਲਕ ਵਿਚ ਵੀ ਦਰੱਖਤਾਂ ਲਈ ਇਕੋ ਹਨ। ਮੈਂ ਮਹਿਕਮੇ ਦਾ ਮੰਤਰੀ ਹਾਂ ਪਰ ਕਾਨੂੰਨ ਮੁਤਾਬਕ ਇਕ ਦਾਤਣ ਤੱਕ ਨਹੀਂ ਵੱਢ ਸਕਦਾ। ਦਰਅਸਲ ਪੰਜਾਬ ਦੇ ਲੋਕ ਵੀ ਇਸ ਮਸਲੇ ‘ਤੇ ਗੰਭੀਰ ਨਹੀਂ ਹਨ।

‘ਜਿਉਂ-ਜਿਉਂ ਭਿੱਜੇ ਕੰਬਲੀ, ਤਿਉਂ-ਤਿਉਂ ਭਾਰੀ ਹੋਏ’
ਕਾਂਗਰਸੀ ਮੰਤਰੀ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਬੇਅਦਬੀ ਮਾਮਲੇ ‘ਤੇ ਕਮਿਸ਼ਨ ਦੀ ਰਿਪੋਰਟ ‘ਚ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਜਾਂ ਕਿਸੇ ਹੋਰ ਲੀਡਰ ਦਾ ਸਿੱਧੇ ਤੌਰ ‘ਤੇ ਨਾਮ ਸ਼ਾਮਲ ਨਹੀਂ ਹੈ ਤਾਂ ਫਿਰ ਕਾਂਗਰਸ ਕਿਸ ਆਧਾਰ ‘ਤੇ ਉਨ੍ਹਾਂ ਖਿਲਾਫ ਪ੍ਰਚਾਰ ਕਰ ਰਹੀ ਹੈ ਤਾਂ ਮੰਤਰੀ ਨੇ  ‘ਜਿਉਂ-ਜਿਉਂ ਭਿੱਜੇ ਕੰਬਲੀ, ਤਿਉਂ-ਤਿਉਂ ਭਾਰੀ ਹੋਏ’ ਅਖਾਣ ਸੁਣਾਉਂਦਿਆਂ ਆਖਿਆ ਕਿ ਅਜੇ ਤਾਂ ਰਿਪੋਰਟ ‘ਤੇ ਸਿੱਟ ਬਣਾਈ ਗਈ ਹੈ, ਜੋ ਸਭ ਦੋਸ਼ੀ ਲੀਡਰਾਂ ਅਤੇ ਪੁਲਸ ਅਫਸਰਾਂ ਖਿਲਾਫ ਕਾਰਵਾਈ ਕਰੇਗੀ, ਜਿਸ ਲਈ ਸਦਨ ਨੇ ਮਤਾ ਵੀ ਪਾਸ ਕੀਤਾ ਹੈ ਕਿ ਜਾਂਚ ਸੀ. ਬੀ. ਆਈ. ਤੋਂ ਵਾਪਸ ਲਈ ਜਾਵੇ।

up2mark
the authorup2mark

Leave a Reply