Monday, January 25, 2021
Politics

ਬਹਿਬਲਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਮੈਂ ਨਹੀਂ ਦਿੱਤੇ : ਬਾਦਲ

ਬਹਿਬਲਕਲਾਂ ਗੋਲੀ ਕਾਂਡ ਨੂੰ ਲੈ ਕੇ ਵਿਧਾਨ ਸਭਾ ਵਿਚ ਹੋਈ ਬਹਿਸ ਤੋਂ ਬਾਅਦ ਅਕਾਲੀ ਦਲ ਦੇ ਹੋ ਰਹੇ ਘਿਰਾਓ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਮਾਮਲੇ ‘ਤੇ ਚੁੱਪੀ ਤੋੜੀ ਹੈ। ਬਾਦਲ ਨੇ ਕਿਹਾ ਹੈ ਕਿ ਬਹਿਬਲਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਉਨ੍ਹਾਂ ਨੇ ਨਹੀਂ ਦਿੱਤੇ ਸਨ। ਬਾਦਲ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਟਕਸਾਲੀ ਅਕਾਲੀ ਨੇਤਾਵਾਂ ਨੇ ਅੱਗੇ ਆ ਕੇ ਇਸ ਮਾਮਲੇ ਵਿਚ ਅਕਾਲੀ ਦਲ ਦਾ ਬਚਾਅ ਕੀਤਾ ਸੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਰਤੀ ਗਈ ਸ਼ਬਦਾਵਲੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਮੁੱਖ ਮੰਤਰੀ ਦੇ ਅਹੁਦੇ ਦੀ ਮਾਣ-ਮਰਿਆਦਾ ਨੂੰ ਡੂੰਘੀ ਸੱਟ ਵੱਜੀ ਹੈ। ਬਾਦਲ ਨੇ ਕਿਹਾ ਕਿ ਕਿੰਨੀ ਅਜੀਬ ਅਤੇ ਹਾਸੋਹੀਣੀ ਗੱਲ ਹੈ, ਜੋ ਲੋਕ ਵਿਧਾਨ ਸਭਾ ਵਿਚ ਸਿੱਖੀ ਦੇ ਚੈਂਪੀਅਨ ਹੋਣ ਦਾ ਢੋਂਗ ਕਰ ਰਹੇ ਸਨ, ਉਹ 72 ਘੰਟਿਆਂ ਅੰਦਰ-ਅੰਦਰ ਹੀ ਸਿੱਖਾਂ ਦੇ ਕਾਤਲਾਂ ਦੇ ਬੁੱਤਾਂ ਨੂੰ ਹਾਰ ਪਹਿਨਾਉਣ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਫਿਰ ਰਹੇ ਹਨ। ਉਹ ਤਾਂ ਆਪ੍ਰੇਸ਼ਨ ਬਲੂਸਟਾਰ ਕਰਵਾਉਣ ਵਾਲੀ ਨੇਤਾ ਨੂੰ ਇੰਦਰਾ ਜੀ ਕਹਿ ਕੇ ਆਦਰ ਨਾਲ ਸੰਬੋਧਨ ਕਰਦੇ ਰਹੇ ਅਤੇ ਉਸ ਨੂੰ ਬਲੂਸਟਾਰ ਲਈ ਕਲੀਨ ਚਿੱਟ ਵੀ ਦੇ ਗਏ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਵਲੋਂ ਉਨ੍ਹਾਂ (ਬਾਦਲ) ਬਾਰੇ ਬੁਜ਼ਦਿਲ, ਬਦਮਾਸ਼, ਝੂਠੇ ਵਰਗੀ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਹੜੀ ਹਰ ਸਮਝਦਾਰ ਅਤੇ ਗੰਭੀਰ ਪੰਜਾਬੀ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਹੈ ਪਰ ਇਕ ਅੱਯਾਸ਼, ਚਰਿੱਤਰਹੀਨ, ਮੰਦਬੁੱਧੀ ਵਾਲੇ ਅਤੇ ਮੌਕਾਪ੍ਰਸਤ ਵਿਅਕਤੀ ਤੋਂ ਮੈਂ ਅਜਿਹੀ ਹੀ ਉਮੀਦ ਰੱਖਦਾ ਹਾਂ। ਉਨ੍ਹਾਂ ਨੇ ਕਿਹਾ ਕਿ ਦੇਸ਼, ਪੰਜਾਬ ਅਤੇ ਖਾਲਸਾ ਪੰਥ ਦੇ ਹਿੱਤਾਂ ਲਈ ਜੂਝਦੇ ਹੋਏ ਸਾਲਾਂ ਤੋਂ ਸਲਾਖਾਂ ਪਿੱਛੇ ਜ਼ਿੰਦਗੀ ਗੁਜ਼ਾਰਨ ਵਾਲੇ ਬੁਜ਼ਦਿਲ ਹੁੰਦੇ ਹਨ ਜਾਂ ਫਿਰ ਉਹ ਕਿਸੇ ਵੀ ਹਿੱਤ ਲਈ ਇਕ ਪਲ ਵੀ ਨਾ ਜੇਲ ਗਏ ਹੋਣ ਤੇ ਨਾ ਹੀ ਹੋਰ ਕਿਸੇ ਤਰ੍ਹਾਂ ਦੀ ਕੋਈ ਕੁਰਬਾਨੀ ਦਿੱਤੀ ਹੋਵੇ।

ਉਕਤ ਬਿਆਨ ਵਿਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਜਿਸ ਪਾਰਟੀ ਦੀ ਸਰਕਾਰ ਦੀ ਉਹ ਅਗਵਾਈ ਕਰ ਰਹੇ ਹਨ, ਉਹ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ, ਖਾਲਸਾ ਪੰਥ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਮਹਾਨ ਧਾਰਮਿਕ ਅਤੇ ਇਤਿਹਾਸਕ ਸੰਸਥਾਵਾਂ ਵਿਰੁੱਧ ਦੁਨੀਆ ਦੀ ਸਭ ਤੋਂ ਵੱਡੀ ਅਤੇ ਦਰਦਨਾਕ ਬੇਅਦਬੀ ਦੇ ਪਾਪ ਦੀ ਭਾਈਵਾਲ ਹੈ, ਜੋ ਕਿ 1984 ਵਿਚ ਇੰਦਰਾ ਗਾਂਧੀ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲੇ ਰਾਹੀਂ ਕੀਤੀ ਗਈ। ਬਾਦਲ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨਾਲ ਖਿਲਵਾੜ ਕਰਨ ਲਈ ਅੱਗ ਨਾਲ ਨਾ ਖੇਡੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪਹਿਲਾਂ ਤੋਂ ਹੀ ਕਾਂਗਰਸ ਪਾਰਟੀ ਵਲੋਂ ਲਗਾਈ ਗਈ ਅੱਗ ਦੇ ਸੇਕ ਵਿਚੋਂ ਬਾਹਰ ਨਹੀਂ ਆਇਆ ਕਿ ਹੁਣ ਦੁਬਾਰਾ ਅੱਗ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜਾਬ ਅਤੇ ਪੰਜਾਬੀਆਂ ‘ਤੇ ਰਹਿਮ ਕਰੋ।

ਬਾਦਲ ਨੇ ਕਿਹਾ ਕਿ ਮੈਂ ਆਪਣੇ ਸੇਵਾਕਾਲ ਦੌਰਾਨ ਮੁੱਖ ਮੰਤਰੀ ਵਜੋਂ ਜੋ ਕੁਝ ਵੀ ਕੀਤਾ ਹੈ, ਉਹ ਪੰਜਾਬ ਦੀ ਸ਼ਾਂਤੀ, ਅਮਨ ਅਤੇ ਆਪਸੀ ਭਾਈਚਾਰੇ ਨੂੰ ਕਾਯਮ ਰੱਖਣ ਲਈ ਹੀ ਕੀਤਾ ਹੈ। ਇਸ ਸਬੰਧੀ ਮੇਰਾ ਮਨ ਅਤੇ ਆਤਮਾ ਪੂਰੀ ਤਰ੍ਹਾਂ ਸਾਫ ਹੈ। ਮੈਂ ਅੱਯਾਸ਼ ਕਿਸਮ ਦੇ ਵਿਅਕਤੀਆਂ ਵਲੋਂ ਦਿੱਤੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ ਕਿਉਂਕਿ ਪੰਜਾਬੀਆਂ ਵਲੋਂ ਬਖਸ਼ੀ ਸੇਵਾ ਨੂੰ ਮੈਂ ਹਮੇਸ਼ਾ ਮੁਕੰਮਲ ਵਚਨਬੱਧਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿਣਗੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਅਤੇ ਉਸ ਦੇ ਉਪਰੰਤ ਅਕਤੂਬਰ 2015 ਵਿਚ ਪੁਲਸ ਵਲੋਂ ਬਹਿਬਲਕਲਾਂ ਵਿਚ ਗੋਲੀ ਚਲਾਉਣ ਨਾਲ ਸਬੰਧਿਤ ਘਟਨਾਕ੍ਰਮ ‘ਤੇ ਟਿੱਪਣੀ ਕਰਦੇ ਹੋਏ ਬਾਦਲ ਨੇ ਕਿਹਾ ਕਿ ਇਸ ਬੇਹੱਦ ਦਰਦਨਾਕ ਘਟਨਾਕ੍ਰਮ ਦੌਰਾਨ ਮੇਰੇ ਮਨ ‘ਤੇ ਭਾਰੀ ਬੋਝ ਅਤੇ ਤਣਾਅ ਸੀ। ਅੱਧੀ ਰਾਤ ਤੋਂ ਬਾਅਦ ਤੱਕ ਵੀ ਮੈਂ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਮੁਖੀ ਨਾਲ ਸੰਪਰਕ ਵਿਚ ਰਿਹਾ, ਕਿਉਂਕਿ ਸਥਿਤੀ ਕਾਫੀ ਨਾਜ਼ੁਕ ਸੀ।

ਉਨ੍ਹਾਂ ਨੇ ਕਿਹਾ ਕਿ ਸਥਿਤੀ ਦੇ ਸਬੰਧ ਵਿਚ ਉਨ੍ਹਾਂ ਨੇ ਸਪੱਸ਼ਟ ਆਦੇਸ਼ ਦਿੱਤੇ ਸਨ ਕਿ ਇਸ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਤਰੀਕੇ ਨਾਲ ਸੁਲਝਾਇਆ ਜਾਵੇ। ਕਿਸੇ ਵੀ ਪੜਾਅ ‘ਤੇ ਗੋਲੀ ਚਲਾਉਣ ਬਾਰੇ ਨਾ ਹੀ ਕੋਈ ਗੱਲ ਹੋਈ ਸੀ ਅਤੇ ਨਾ ਹੀ ਇਸ ਬਾਰੇ ਕਿਸੇ ਤਰ੍ਹਾਂ ਦੇ ਕੋਈ ਹੁਕਮ ਹੀ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਆਪਣੇ ਲੰਬੇ ਜਨਤਕ ਜੀਵਨ ਦੌਰਾਨ ਮੇਰੀ ਹਮੇਸ਼ਾ ਇਹ ਪਹੁੰਚ ਰਹੀ ਹੈ ਕਿ ਹਰ ਸਥਿਤੀ ਨੂੰ ਗੱਲਬਾਤ ਰਾਹੀਂ ਸ਼ਾਂਤੀਪੂਰਵਕ ਤਰੀਕੇ ਨਾਲ ਸੁਲਝਾਇਆ ਜਾਵੇ। ਮੇਰੀ ਕਾਰਜਸ਼ੈਲੀ ਬਾਰੇ ਪੂਰਾ ਪੰਜਾਬ ਪੂਰੀ ਤਰ੍ਹਾਂ ਵਾਕਫ ਹੈ ਕਿ ਮੈਂ ਉਨ੍ਹਾਂ ਵਿਚੋਂ ਨਹੀਂ ਹਾਂ ਜੋ ਆਪਣੇ ਫਰਜ਼ਾਂ ਪ੍ਰਤੀ ਲਾਪਰਵਾਹ ਹੋ ਕੇ ਐਸ਼ਪ੍ਰਸਤੀ ਵਿਚ ਸ਼ਾਮ ਲੰਘਾਉਂਦਾ ਹੋਵੇ। ਮੈਂ ਗੁਰੂ ਦੇ ਡਰ ਵਿਚ ਰਹਿ ਕੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹਾਂ।

up2mark
the authorup2mark

Leave a Reply