Thursday, December 3, 2020
Politics

ਸਿੱਖ ਸੰਗਤਾਂ ਦੇ ਵਧ ਰਹੇ ਇਕੱਠ ਸਾਹਮਣੇ ਇਕ ਨਾ ਇਕ ਦਿਨ ਸਰਕਾਰਾਂ ਨੂੰ ਝੁਕਣਾ ਹੀ ਪਵੇਗਾ :

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ‘ਚ ਚੱਲ ਰਿਹਾ ਇਨਸਾਫ ਮੋਰਚਾ 99ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਉਚੇਚੇ ਤੌਰ ‘ਤੇ ਪਹੁੰਚੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜਥੇ ਨੇ ਰਸ-ਭਿੰਨੇ ਕੀਰਤਨ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਦਾ ਵਿਖਿਆਨ ਕੀਤਾ।

ਪੰਥਕ ਸੇਵਾ ਲਹਿਰ ਦੇ ਭਾਈ ਬਲਜੀਤ ਸਿੰਘ ਬੁਰਜ ਨਕਲੀਆ ਨੇ ਮੋਰਚੇ ਦੇ ਦਲੀਲ ਦਿੰਦਿਆਂ ਕਿਹਾ ਕਿ ਸਿੱਖ ਸੰਗਤਾਂ ਦੇ ਦਿਨੋ ਦਿਨ ਵਧ ਰਹੇ ਇਕੱਠ ਸਾਹਮਣੇ ਇਕ ਨਾ ਇਕ ਦਿਨ ਸਰਕਾਰਾਂ ਨੂੰ ਝੁਕਣਾ ਹੀ ਪਵੇਗਾ ਅਤੇ ਖਾਲਸਾ ਪੰਥ ਦੀ ਜਿੱਤ ਹੋਵੇਗੀ। ਸਿੱਖ ਜਥੇਬੰਦੀ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁੱਖ ਆਗੂਆਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਕੁਲਦੀਪ ਸਿੰਘ ਜੰਡਾਲੀਸਰ ਸਾਹਿਬ, ਬਾਬਾ ਬਲਜੀਤ ਸਿੰਘ ਬੁਰਜ ਨਕਲੀਆਂ, ਡਾ. ਗੁਰਮੀਤ ਸਿੰਘ ਖਾਲਸਾ ਬਰੀਵਾਲਾ, ਭਾਈ ਜਸਵਿੰਦਰ ਸਿੰਘ ਸਾਹੋਕੇ ਨੇ ਕਿਹਾ ਕਿ ਜਾਂਚ ਕਮਿਸ਼ਨ ਜਸਟਿਸ ਰਣਜੀਤ ਸਿੰਘ ਦੀ ਜਾਂਚ ‘ਚ ਦੋਸ਼ੀ ਪਾਏ ਜਾਣ ‘ਤੇ ਬਾਦਲ ਨੇ ਆਪਣੇ ਆਪ ਦਾ ਬਚਾਅ ਕਰਦਿਆਂ ਪੰਜਾਬ ਦੀਆਂ ਸੜਕਾਂ ‘ਤੇ ਆ ਕੇ ਜਿਸ ਤਰ੍ਹਾਂ ਪੁਤਲੇ ਫੂਕ ਕੇ ਨਿਰਦੋਸ਼ ਹੋਣ ਦੀ ਕੋਸ਼ਿਸ਼ ਕੀਤੀ ਹੈ, ਤੋਂ ਸਾਰੇ ਲੋਕ ਹੈਰਾਨ ਹਨ। ਉਹ ਜਾਣ ਚੁੱਕੇ ਹਨ ਕਿ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ‘ਚ ਬਾਦਲ ਦਾ ਹੱਥ ਹੈ। ਸਿੱਖ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਸਕਦੀ ਤਾਂ ਉਸ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਹੱਕ ਨਹੀਂ, ਕੈਪਟਨ ਸਮੇਤ ਉਸ ਦੇ ਅਹੁਦੇਦਾਰਾਂ ਨੂੰ ਅਸਤੀਫ਼ੇ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਪ੍ਰਭਜੋਤ ਸਿੰਘ ਮੰਡਵੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਗੁਰੂ ਨਾਲ ਮੱਥਾ ਲਾਇਆ ਉਹ ਕਦੇ ਵੀ ਦੁਨੀਆ ਵਿਚ ਸਿਰ ਉੱਚਾ ਕਰ ਕੇ ਚੱਲ ਨਹੀਂ ਸਕਿਆ।

ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੋਰਚੇ ਦੇ 100ਵੇਂ ਦਿਨ ਤੱਕ ਪੁੱਜ ਜਾਣ ‘ਤੇ ਪ੍ਰਤੀਕ੍ਰਮ ਦਿੰਦਿਆਂ ਕਿਹਾ ਕਿ ਮੋਰਚੇ ਦੀ ਜਿੱਤ ਲਈ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ, ਸਾਡਾ ਨਿਸ਼ਾਨਾ ਤਿੰਨ ਮੰਗਾਂ ਦੀ ਪ੍ਰਾਪਤੀ ਹੈ, ਇਸ ਤੋਂ ਇਲਾਵਾ ਕੁੱਝ ਵੀ ਮਨਜ਼ੂਰ ਨਹੀਂ। ਹੁਣ ਇਹ ਸਰਕਾਰ ਨੇ ਦੇਖਣਾ ਹੈ ਕਿ ਸਿੱਖ ਕੌਮ ਨੂੰ ਇਨਸਾਫ ਦੇਣਾ ਹੈ ਜਾਂ ਸਾਡੀ ਦ੍ਰਿੜ੍ਹਤਾ ਅਤੇ ਸਬਰ ਦਾ ਇਮਤਿਹਾਨ ਲੈਣਾ ਹੈ। ਇਸ ਮੌਕੇ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਹਰਪਾਲ ਸਿੰਘ ਚੀਮਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਬੂਟਾ ਸਿੰਘ ਰਣਸ਼ੀਂਹਕੇ, ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਲ ਖਾਲਸਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਖਡੂਰ, ਜਥੇਦਾਰ ਮੰਡ ਦੇ ਨਿੱਜੀ ਸਹਾਇਕ ਭਾਈ ਜਗਦੀਪ ਸਿੰਘ ਭੁੱਲਰ ਆਦਿ ਨੇ ਸ਼ਮੂਲੀਅਤ ਕੀਤੀ।

up2mark
the authorup2mark

Leave a Reply