ਅਜਿਹਾ ਰਹੇਗਾ ਲੁਧਿਆਣਾ ਦਾ ਰਾਜ ਪੱਧਰੀ ਆਜ਼ਾਦੀ ਦਿਹਾੜਾ ਸਮਾਗਮ, ਹੋਈ ਫੁੱਲ ਡਰੈੱਸ ਰਿਹਰਸਲ

    0
    447

    Independence Day 2018: ਲੁਧਿਆਣਾ: ਆਜ਼ਾਦੀ ਦਿਹਾੜੇ ਸੰਬੰਧੀ ਰਾਜ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ 15 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਸਮਾਗਮ ਦੀਆਂ ਤਿਆਰੀਆਂ ਸੰੰਬੰਧੀ ਅੱਜ ਫੁੱਲ ਡਰੈੱਸ ਰਿਹਰਸਲ ਕੀਤੀ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਮਾਗਮ ਅਤੇ ਸੁਰੱਖਿਆ ਸੰਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲੈਣ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਗਰਵਾਲ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਕਰੀਬ 2000 ਤੋਂ ਵਧੇਰੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਤ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਦਿਨ ਮੁੱਖ ਮੰਤਰੀ ਵੱਲੋਂ ਬੱਡੀ ਪ੍ਰੋਗਰਾਮ, ਕਰਜ਼ਾ ਰਾਹਤ ਯੋਜਨਾ ਦੇ ਅਗਲੇ ਗੇੜ ਦੀ ਸ਼ੁਰੂਆਤ ਕਰਨਗੇ, ਉਥੇ ਹੀ ਕਈ ਯੋਜਨਾਵਾਂ ਜਿਵੇਂਕਿ ਘਰ-ਘਰ ਰੋਜ਼ਗਾਰ ਯੋਜਨਾ, ਕਰਜ਼ਾ ਰਾਹਤ ਯੋਜਨਾ, ਗਰੀਬਾਂ ਲਈ ਫਲੈਟ ਯੋਜਨਾ, ਘਰ-ਘਰ ਰੋਜ਼ਗਾਰ ਯੋਜਨਾ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਲਾਭਪਾਤਰੀਆਂ ਦਾ ਸਨਮਾਨ ਵੀ ਕੀਤਾ ਜਾਵੇਗਾ।ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸਖ਼ਸ਼ੀਅਤਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਅਗਰਵਾਲ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਦਿਹਾੜੇ ਨੂੰ ਰਾਸ਼ਟਰੀ ਤਿਉਹਾਰ ਦੀ ਤਰ੍ਹਾਂ ਮਨਾਉਣ ਅਤੇ ਇਸ ਦੀਆਂ ਤਿਆਰੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਬਾਕੀ ਨਹੀਂ ਰਹਿਣੀ ਚਾਹੀਦੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਇਸ ਸਮਾਗਮ ਵਿੱਚ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਿੱਸਾ ਲੈਣਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਕੋਸ਼ਿਸ਼ ਕੀਤੀ ਜਾਵੇ ਕਿ ਪਰਿਵਾਰਾਂ ਨੂੰ ਵੀ ਇਸ ਸਮਾਗਮ ਦਾ ਹਿੱਸਾ ਬਣਾਇਆ ਜਾਵੇ।ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਕਿਸੇ ਵੀ ਕਿਸਮ ਦੀ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਡਿਊਟੀ ਪ੍ਰਤੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ, ਮਾਰਚ ਪਾਸਟ, ਪੀ.ਟੀ.ਸ਼ੋਅ. ਅਤੇ ਲੇਜ਼ੀਅਮ ਦਾ ਪ੍ਰਦਰਸ਼ਨ ਕੀਤਾ ਜਾਵੇਗਾ

    ਰਿਹਰਸਲ ਦੌਰਾਨ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ, ਡਿਪਟੀ ਕਮਿਸ਼ਨਰ ਪੁਲਿਸ ਗਗਨ ਅਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ ਤੋਂ ਇਲਾਵਾ ਕਈ ਅਧਿਕਾਰੀ ਸ਼ਾਮਿਲ ਸਨ।

    LEAVE A REPLY

    Please enter your comment!
    Please enter your name here