ਖੰਨਾ : ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀ ਕਾਬੂ

0
573

ਖੰਨਾ ਪੁਲਸ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਵਲੋਂ ਪੁਲੀ ਸੂਆ ਨੂਰਪੁਰ ਰੋਡ, ਮਾਛੀਵਾੜਾ ਸਾਹਿਬ ‘ਚ ਕੀਤੀ ਗਈ ਨਾਕੇਬੰਦੀ ਦੌਰਾਨ 5 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ। ਇਹ ਵਿਅਕਤੀ ਪੁਲਸ ਨੂੰ ਦੇਖ ਕੇ ਅਚਾਨਕ ਝੁੱਗੀਆਂ ‘ਚੋਂ ਭੱਜਣ ਲੱਗੇ ਸਨ।

ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਦੁਖਨਾ ਪੁੱਤਰ ਮਨੋਜ ਸਾਹਨੀ, ਬਿਹਾਰ ਹਾਲ ਵਾਸੀ ਮਾਛੀਵਾੜਾ, ਲਛਮਣ ਕੁਮਾਰ ਪੁੱਤਰ ਹਰੀ ਦਾਸ, ਬਿਹਾਰ ਹਾਲ ਵਾਸੀ ਮਾਛੀਵਾੜਾ, ਰਾਮ ਪੰਡਿਤ ਉਰਫ ਕੈਲਾਸ਼ ਪੁੱਤਰ ਭਗਵਾਨ ਪੰਡਤ, ਬਿਹਾਰ ਹਾਲ ਵਾਸੀ ਮਾਛੀਵਾੜਾ, ਸਨੋਜ  ਕੁਮਾਰ ਪੁੱਤਰ ਰਮੇਸ਼ ਸਾਹਨੀ ਹਾਲ ਵਾਸੀ ਮਾਛੀਵਾੜਾ ਤੇ ਗੋਵਿੰਦਾ ਪੁੱਤਰ ਮਨੋਜ ਸਾਹਨੀ, ਬਿਹਾਰ ਹਾਲ ਵਾਸੀ ਮਾਛੀਵਾੜਾ ਦੇ ਤੌਰ ‘ਤੇ ਕੀਤੀ ਗਈ ਹੈ। ਇਨ੍ਹਾਂ ਪਾਸੋਂ ਚੋਰੀ ਕੀਤੇ ਗਏ 9 ਮੋਬਾਇਲ ਅਤੇ 5 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਗਈ ਹੈ।

ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀਆਂ ਨੇ ਦੱਸਿਆ ਕਿ ਉਹ ਰਾਤ ਸਮੇਂ ਦੁਕਾਨਾਂ ਤੇ ਖੋਖਿਆਂ ਦੇ ਤਾਲੇ ਪੇਚਕਸ ਤੇ ਪਲਾਸ ਨਾਲ ਤੋੜ ਕੇ ਚੋਰੀ ਕਰ ਲੈਂਦੇ ਸਨ ਤੇ ਹੁਣ ਤੱਕ ਉਨ੍ਹਾਂ ਨੇ ਕਰੀਬ 13 ਚੋਰੀਆਂ ਕੀਤੀਆਂ ਹਨ। ਉਕਤ ਦੋਸ਼ੀਆਂ ‘ਚੋਂ ਇਕ ਦੋਸ਼ੀ ਵਿਨੋਦ ਕੁਮਾਰ ਪੁੱਤਰ ਇਸ਼ਰ ਨਾਥ ਫਰਾਰ ਹੋ ਗਿਆ, ਜਿਸ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਤੋਂ ਰਿਹਾਅ ਹੁੰਦਿਆਂ ਹੀ ਬਣਾਇਆ ਗਿਰੋਹ 
ਮਾਛੀਵਾੜਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੁਖਨਾ, ਗੋਵਿੰਦਾ ਅਤੇ ਲਛਮਣ ਕੁਮਾਰ ‘ਤੇ ਮਾਛੀਵਾੜਾ ਥਾਣਾ ‘ਚ ਪਹਿਲਾਂ ਵੀ ਚੋਰੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ ਅਤੇ ਕੁੱਝ ਮਹੀਨੇ ਪਹਿਲਾਂ ਹੀ ਇਹ ਜੇਲ੍ਹ ‘ਚੋਂ ਰਿਹਾਅ ਹੋ ਕੇ ਆਏ ਸਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਗੋਵਿੰਦਾ ਤੇ ਵਿਨੋਦ ਨੇ ਆਪਣਾ ਗਿਰੋਹ ਬਣਾ ਲਿਆ ਅਤੇ ਰਾਤ ਨੂੰ ਸ਼ਹਿਰ ‘ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗ ਪਏ। ਪੁਲਸ ਵਲੋਂ ਇਸ ਗਿਰੋਹ ‘ਚ ਸ਼ਾਮਲ ਵਿਨੋਦ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਉਸ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਇਹ ਸਾਰੇ ਹੀ ਗਿਰੋਹ ਦੇ ਮੈਂਬਰ ਪ੍ਰਵਾਸੀ ਮਜ਼ਦੂਰਾਂ ਨਾਲ ਸਬੰਧਿਤ ਹਨ ਅਤੇ ਇਸ ਗਿਰੋਹ ਨੂੰ ਕਾਬੂ ਕਰਨਾ ਪੁਲਸ ਜ਼ਿਲ੍ਹਾ ਖੰਨਾ ਦੀ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣ ਸ਼ਹਿਰ ‘ਚ ਚੋਰੀਆਂ ਦਾ ਆਤੰਕ ਘਟੇਗਾ।

LEAVE A REPLY

Please enter your comment!
Please enter your name here