ਨਿਗਮ ਦਫਤਰ ’ਚ ਗੰਦਗੀ ਫੈਲਾਉਣ ’ਤੇ ਵਰ੍ਹੀਆਂ ਡਾਂਗਾਂ, ਖਾਣੀ ਪਈ ਥਾਣੇ ਦੀ ਹਵਾ

0
713

ਵਾਰਡ ਨੰ. 28 ਦੇ ਅਧੀਨ ਆਉਂਦੇ ਪ੍ਰੇਮ ਨਗਰ ਵਿਚ ਸੀਵਰੇਜ ਜਾਮ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਵਿਰੋਧ ਵਜੋਂ ਨਿਗਮ ਦਫਤਰ ’ਚ ਗੰਦਗੀ ਫੈਲਾਉਣ ਦਾ  ਰਸਤਾ ਅਪਣਾਉਣਾ ਇਲਾਕੇ ਦੇ ਲੋਕਾਂ ਨੂੰ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ  ਪੁਲਸ ਨੇ ਇਨ੍ਹਾਂ ਲੋਕਾਂ ’ਤੇ ਡਾਂਗਾਂ ਵਰ੍ਹਾਈਆਂ ਅਤੇ ਫਿਰ ਉਨ੍ਹਾਂ ਨੂੰ ਥਾਣੇ ਦਾ ਰਸਤਾ ਵੀ ਦਿਖਾਇਆ।
ਇਸ ਕੇਸ ਵਿਚ ਲੋਕਾਂ ਵੱਲੋਂ ਵਿਰੋਧ ਜਤਾਉਣ ਲਈ ਅਪਣਾਏ ਗਏ ਤਰੀਕੇ ਕਾਰਨ ਜ਼ੋਨ-ਬੀ ਦਫਤਰ ਵਿਚ ਅਚਾਨਕ ਹੰਗਾਮੇ ਦਾ ਮਾਹੌਲ ਕਾਇਮ ਹੋ ਗਿਆ। ਜਦੋਂ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਆਪਣੇ ਨਾਲ ਡਰੰਮਾਂ ਅਤੇ ਬੋਰੀਆਂ ਵਿਚ ਭਰ ਕੇ ਲਿਆਂਦੀ ਗੰਦਗੀ ਨੂੰ ਦਫਤਰ ਦੇ ਬਰਾਂਡੇ ’ਚ ਸੁੱਟਣਾ ਸ਼ੁਰੂ ਕਰ ਦਿੱਤਾ।
ਜਿਸ ਦਾ ਕੁਝ ਮੁਲਾਜ਼ਮਾਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਮੁਲਾਜ਼ਮਾਂ ਅਤੇ ਸੁਪਰਡੈਂਟ ਦੇ ਕਮਰਿਆਂ ਵਿਚ ਦਾਖਲ ਹੋ ਕੇ ਟੇਬਲ ਅਤੇ ਕੁਰਸੀਆਂ ’ਤੇ ਗੰਦਗੀ ਸੁੱਟ ਦਿੱਤੀ। ਜਿਸ ’ਤੇ ਉੱਥੇ ਮੌਜੂਦ ਪੁਲਸ ਨੇ ਇਨ੍ਹਾਂ ਲੋਕਾਂ ਨੂੰ ਖਦੇਡ਼ਨ ਲਈ ਡਾਂਗਾਂ ਵਰ੍ਹਾਈਆਂ ਅਤੇ ਨਗਰ ਨਿਗਮ ਮੁਲਾਜ਼ਮਾਂ ਨੇ ਹੰਗਾਮਾ ਕਰ ਰਹੀ ਭੀਡ਼ ਵਿਚੋਂ ਤਿੰਨ ਵਿਅਕਤੀਅਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਬਾਅਦ ਵਿਚ ਮੌਕੇ ’ਤੇ ਪੁੱਜੀ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਨਗਰ ਨਿਗਮ ਮੁਲਾਜ਼ਮਾਂ  ਨਾਲ ਝਡ਼ਪ ਤੋਂ ਬਾਅਦ ਪੁਲਸ ਨੇ ਖੋਹੀਆਂ ਡਾਂਗਾਂ
ਇਸ ਕੇਸ ਵਿਚ ਪ੍ਰਦਰਸ਼ਨਕਾਰੀਆਂ ਨੇ ਸ਼ੁਰੂ ਤੋਂ ਆਖਰ ਤੱਕ ਆਕਰਮਣ ਰੁਖ ਅਪਣਾਈ ਰੱਖਿਆ। ਉਨ੍ਹਾਂ ਲੋਕਾਂ ਦੀ ਪਹਿਲਾਂ ਗੰਦਗੀ ਫੈਲਾਉਣ ਦਾ ਵਿਰੋਧ ਕਰ ਰਹੇ ਨਗਰ ਨਿਗਮ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕੀਤੀ ਅਤੇ ਫਿਰ ਲਾਠੀਚਾਰਜ ਸ਼ੁਰੂ ਕਰਨ ’ਤੇ ਪੁਲਸ ਮੁਲਾਜ਼ਮਾਂ ਦੇ ਨਾਲ ਹੱਥੋਪਾਈ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਇੱਥੋਂ ਤੱਕ ਕਿ ਪੁਲਸ ਮੁਲਾਜ਼ਮਾਂ ਤੋਂ ਡਾਂਗਾਂ ਤੱਕ ਖੋਹ ਲਈਆਂ।
ਸੁਵਿਧਾ ਸੈਂਟਰ ਮੁਲਾਜ਼ਮਾਂ ਨੇ ਨਾਕਾਮ ਕੀਤਾ ਯਤਨ
ਵਿਖਾਵਾਕਾਰੀਆਂ ਨੇ ਜ਼ੋਨ-ਬੀ ਦਫਤਰ ਦੇ ਨਾਲ ਬਣੇ ਸੁਵਿਧਾ ਸੈਂਟਰ ਵਿਚ ਵੀ ਗੰਦਗੀ ਫੈਲਾਉਣ ਦਾ ਯਤਨ ਕੀਤਾ। ਜਿਸ ਨੂੰ ਉੱਥੇ ਮੌਜੂਦ ਮੁਲਾਜ਼ਮਾਂ ਨੇ ਨਾਕਾਮ ਕਰ ਦਿੱਤਾ। ਇੱਥੋਂ ਤੱਕ ਕਿ ਇਨ੍ਹਾਂ ਮੁਲਾਜ਼ਮਾਂ ਨੇ ਹੀ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ।
ਪੁਲਸ ਸਟੇਸ਼ਨ ਦੇ ਬਾਹਰ ਹੰਗਾਮਾ ਕਰਨ ਤੋਂ ਬਾਅਦ ਹੋਈ ਰਿਹਾਈ
ਨਗਰ ਨਿਗਮ ਵੱਲੋਂ ਫਡ਼ੇ ਗਏ ਦੋਸ਼ੀਆਂ ਨੂੰ ਪੁਲਸ ਆਪਣੇ ਨਾਲ ਥਾਣੇ ਲੈ ਆਈ ਤਾਂ ਲੋਕਾਂ  ਡਵੀਜ਼ਨ ਨੰ. 3 ਦੇ ਬਾਹਰ ਇਕੱਠਾ ਹੋ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਅੌਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਨੇ ਪੁਲਸ ਅਤੇ ਨਗਰ ਨਿਗਮ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਹਾਲਾਂਕਿ ਪਹਿਲਾਂ ਪੁਲਸ ਨੇ ਥਾਣੇ ਦੇ ਗੇਟ ਬੰਦ ਕਰ ਦਿੱਤੇ ਪਰ ਬਾਅਦ ਵਿਚ ਜਦੋਂ ਲੋਕਾਂ ਨੇ ਹੰਗਾਮਾ ਕਰਦੇ ਹੋਏ ਸਾਰੇ ਰਸਤੇ ਬੰਦ ਕਰ ਦਿੱਤੇ ਤਾਂ ਉਨ੍ਹਾਂ ਲੋਕਾਂ ਨੂੰ ਛੱਡ ਦਿੱਤਾ ਗਿਆ।
ਪ੍ਰਦਰਸ਼ਨ ਤੋਂ ਪਹਿਲਾਂ ਇਲਾਕੇ ’ਚ ਵੀ ਮੁਲਾਜ਼ਮਾਂ ਨਾਲ ਹੋਈ ਸੀ ਲੋਕਾਂ ਦੀ ਝਡ਼ਪ
ਦੱਸਿਆ ਜਾਂਦਾ ਹੈ ਕਿ ਸੀਵਰੇਜ ਜਾਮ ਦੀ ਸਮੱਸਿਆ ਦੇ ਹੱਲ ਦੇ ਨਾਂ ’ਤੇ ਨਗਰ ਨਿਗਮ ਮੁਲਾਜ਼ਮਾਂ ਦੀ ਇਕ ਟੀਮ ਨੇ ਸਵੇਰ ਇਲਾਕੇ ਦਾ ਦੌਰਾ ਕੀਤਾ ਸੀ, ਜਿੱਥੇ ਵੀ ਲੋਕਾਂ ਦੀ ਮੁਲਾਜ਼ਮਾਂ ਨਾਲ ਝਡ਼ਪ ਹੋਈ ਸੀ ਅਤੇ ਉਨ੍ਹਾਂ ਨੇ ਟੀਮ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਹੀ ਲੋਕਾਂ ਨੇ ਨਗਰ ਨਿਗਮ ਦਫਤਰ ਦਾ ਰੁਖ ਕੀਤਾ।
ਨਿਗਮ ਮੁਲਾਜ਼ਮਾਂ ਨੇ ਪੁਲਸ ਨੂੰ ਸੌਂਪੀ ਸ਼ਿਕਾਇਤ
ਇਸ ਕੇਸ ਵਿਚ ਨਗਰ ਨਿਗਮ ਮੁਲਾਜ਼ਮਾਂ ਨੇ ਜ਼ੋਨਲ ਕਮਿਸ਼ਨਰ  ਰਾਹੀਂ ਪੁਲਸ ਨੂੰ ਸ਼ਿਕਾਇਤ ਭੇਜੀ ਹੈ ਕਿ ਦਫਤਰ ਵਿਚ ਆ ਕੇ ਗੰਦਗੀ ਫੈਲਾਉਣ ਅਤੇ ਡਿਊਟੀ ਵਿਚ ਅਡ਼ਚਨ ਪਾਉਣ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਜਾਵੇ । ਸ਼ਿਕਾਇਤ ਵਿਚ ਨਗਰ ਨਿਗਮ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ’ਤੇ ਡਾਂਗਾਂ ਨਾਲ ਹਮਲਾ ਕਰਨ ਦਾ ਦੋਸ਼ ਵੀ ਲਾਇਆ ਹੈ।
ਇਹ ਹੈ ਲੋਕਾਂ ਦਾ ਪੱਖ
ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿਚ ਕਾਫੀ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਮੈਨਹੋਲ ਤੋਂ ਓਵਰਫਲੋ ਹੋ ਕੇ ਸਡ਼ਕਾਂ ਅਤੇ ਗਲੀਆਂ ਵਿਚ ਘੁੰਮ ਰਿਹਾ ਹੈ। ਇਸ ਨਾਲ  ਬੀਮਾਰੀ ਫੈਲਣ ਦਾ ਖਤਰਾ ਹੈ ਜਿਸ ਸਬੰਧੀ ਕੌਂਸਲਰ ਅਤੇ ਅਫਸਰਾਂ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਿਸ ਕਾਰਨ ਅਫਸਰਾਂ ਦਾ ਘਿਰਾਓ ਕਰਨ ਲਈ ਉਹ  ਨਗਰ ਨਿਗਮ ਦਫਤਰ ਪੁੱਜੇ ਸਨ।

LEAVE A REPLY

Please enter your comment!
Please enter your name here