ਨੌਜਵਾਨਾਂ ਦੀਆਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਅਤੇ ਕਰਜ਼ਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਸਰਕਾਰ ਜਿੰਮੇਵਾਰ

  0
  587

  ਵਲਟੋਹਾ(ਗੁਰਮੀਤ ਸਿੰਘ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨੀ ਅਤੇ ਜਵਾਨੀ ਬਚਾਉਣ ਲਈ ਪਿੰਡ ਪਿੰਡ ‘ਜਾਗੋ ਅਤੇ ਜਥੇਬੰਦ ਹੋਵੋ’ ਦਾ ਹੋਕਾ ਦੇਣ ਲਈ ਜਥੇ ਮਾਰਚ ਕੱਢਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਵਲਟੋਹਾ, ਅਮਰਕੋਟ ਤੋਂ ਕਿਸਾਨਾਂ ਨੇ ਗੱਡੀਆਂ, ਮੋਟਰ ਸਾਈਕਲਾਂ ਦਾ ਵੱਡਾ ਕਾਫਲਾ ਬਣਾ ਕੇ ਆਰੰਭ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ ਅਤੇ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਅਤੇ ਸੂਬਾ ਸਕੱਤਰ ਡਾ. ਸੁਖਵੰਤ ਸਿੰਘ ਵਲਟੋਹਾ ਨੇ ਕਿਹਾ ਕਿ ਕਿਸੇ ਵੇਲੇ ਇਹ ਗੱਲ ਮਸ਼ਹੂਰ ਸੀ ਕਿ ਪੰਜਾਬ ਵੱਸਦਾ ਗੁਰੂਆਂ ਦੇ ਨਾਮ ‘ਤੇ ਪਰ ਅੱਜ ਉਸੇ ਪੰਜਾਬ ਵਿਚ ਨਸ਼ਿਆਂ ਦਾ ਬੋਲ ਬਾਲਾ ਹੈ ਅਤੇ ਨੌਜਵਾਨਾਂ ਦੀਆਂ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ।
  ਕਰਜ਼ਈ ਕਿਸਾਨ ਬੈਂਕਾਂ ਅਤੇ ਆੜ•ਤੀਆਂ ਹੱਥੋਂ ਜ਼ਲੀਲ ਅਤੇ ਤੰਗ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਇਨ੍ਹਾਂ ਦੀਆਂ ਮੌਤਾਂ ਲਈ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਜਿੰਮੇਵਾਰ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਸੁਆਮੀ ਨਾਥਨ ਦੀ ਸਿਫਾਰਿਸ਼ ਮੁਤਾਬਕ ਲਾਗਤ ਤੋਂ ਡੇਢ ਗੁਣਾ ਦੇਣਾ ਦਾ ਵਾਅਦਾ ਕੀਤਾ ਸੀ ਪਰ ਵਾਅਦਾ ਪੂਰਾ ਕਰਨ ਦੀ ਥਾਂ ਖੇਤੀਬਾੜੀ ਸੰਦਾਂ ਵਸਤਾਂ ਆਦਿ ਉਪਰ ਜੀ.ਐਸ.ਟੀ. ਟੈਕਸ ਲਾਗੂ ਕਰ ਦਿੱਤਾ ਹੈ। ਕਿਸਾਨਾਂ ਦਾ ਕਰਜ਼ਾ ਖਤਮ ਨਹੀਂ ਕੀਤਾ ਜਾ ਰਿਹਾ ਅਤੇ ਵੱਡੀਆਂ ਵੱਡੀਆਂ ਦੇਸੀ ਵਿਦੇਸ਼ੀ ਕੰਪਨੀਆਂ ਦੇ ਲੱਖਾਂ ਕਰੋੜਾਂ ਰੁਪਏ ਮੁਆਫ ਕੀਤੇ ਜਾ ਚੁੱਕੇ ਹਨ। ਕਿਸਾਨ ਜਥੇਬੰਦੀ ਨੇ ਮੰਗ ਕੀਤੀ ਕਿ ਨੌਜਵਾਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਇਹ ਮਾਰਚ ਚੀਮਾਂ, ਆਸਲ, ਚੱਕਵਾਲੀਆ, ਰੱਤੋਕੇ, ਗਜ਼ਲ, ਰਾਮ ਖਾਰਾ, ਰਾਮੂਵਾਲ, ਭੰਗਾਲਾ, ਤੂਤ, ਤਲਵੰਡੀ, ਜੋਧ ਸਿੰਘ ਵਾਲਾ, ਜੰਡ, ਮਾਣੇਕੇ, ਦਾਸੁਵਾਲ, ਬਹਾਦਰਨਗਰ ਪਹੰਚ ਕੇ ਸਮਾਪਤ ਹੋਇਆ। ਜਥੇਬੰਦੀ ਦੇ ਆਗੂ ਬਖਸ਼ੀਸ਼ ਸਿੰਘ, ਗੁਰਲਾਲ ਸਿੰਘ, ਗੁਰਮੁੱਖ ਸਿੰਘ, ਕਾਰਜ ਸਿੰਘ, ਜਗੀਰ ਸਿੰਘ, ਪ੍ਰਿਥੀਪਾਲ ਸਿੰਘ, ਦੂਹਲ ਕੋਹਨਾ, ਗੁਲਜ਼ਾਰ ਸਿੰਘ ਵਲਟੋਹਾ ਆਦਿ ਹਾਜ਼ਰ ਸਨ।

  LEAVE A REPLY

  Please enter your comment!
  Please enter your name here