Sunday, September 27, 2020
Bollywood

ਫਿਲਮ ‘ਮਰ ਗਏ ਓਏ ਲੋਕੋ’ ਨਾਲ ਅਜਿਹਾ ਇਤਿਹਾਸ ਬਣਾਏਗੀ ਗਿੱਪੀ ਅਤੇ ਬੀਨੂੰ ਦੀ ਜੋੜੀ

ਪੰਜਾਬੀ ਇੰਡਸਟਰੀ ‘ਚ ਇਹ ਗੱਲ ਤਾਂ ਸਪੱਸ਼ਟ ਹੈ ਕਿ ਕਾਮੇਡੀ ਫਿਲਮ ਬਾਕਸ ਆਫਿਸ ‘ਤੇ ਬਹੁਤ ਵਧੀਆ ਤਰ੍ਹਾਂ ਕੰਮ ਕਰ ਰਹੀ ਹੈ, ਭਾਵੇਂ ਇਹ ਕਿੰਨੀ ਵੀ ਬੁਰੀ ਤਰ੍ਹਾਂ ਕਿਉਂ ਨਾ ਕੀਤੀ ਗਈ ਹੋਵੇ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਦੋ ਚਿਹਰਿਆਂ ਦੀ ਜੋ ਹਨ ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋਂ, ਇਹਨਾਂ ਦੋਨਾਂ ਨੂੰ ਪਾਲੀਵੁਡ ਇੰਡਸਟਰੀ ਦੀ ਸ਼ਾਨ ਮੰਨਿਆ ਜਾਂਦਾ ਹੈ। ਗਿੱਪੀ ਅਤੇ ਬੀਨੂੰ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਹਨਾਂ ਨੇ ਆਪਣੀ ਕੜੀ ਮਿਹਨਤ ਨਾਲ ਅਤੇ ਨਾਲ – ਨਾਲ ਆਪਣੀ ਕਲਾ ਅਨੁਸਾਰ ਇੰਡਸਟਰੀ ‘ਚ ਇੱਕ ਅਲੱਗ ਹੀ ਪਹਿਚਾਣ ਹਾਸਿਲ ਕੀਤੀ ਹੈ। ਇਹ ਦੋਵੇਂ ਹੀ ਕਲਾਕਾਰ ਕਈ ਫਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ ਪਰ ਇਸ ਵਾਰ ਦੋਵੇ ਫਿਲਮ ਮਰ ਗਏ ਓਏ ਲੋਕੋ ‘ਚ ਕੁਝ ਵੱਖਰਾ ਪੇਸ਼ ਕਰਦੇ ਨਜ਼ਰ ਆਉਣਗੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ 31 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮਰ ਗਏ ਓਏ ਲੋਕੋ’ ਵਿੱਚ ਇਹ ਜੋੜੀ ਧਮਾਲ ਪਾਉਂਦੀ ਨਜ਼ਰ ਆਏਗੀ। ਇਹ ਪਹਿਲੀ ਵਾਰ ਹੋਵੇਗਾ ਕਿ ਅਦਾਕਾਰੀ ‘ਚ ਦੋਵੇਂ ਸਿਤਾਰੇ ਇਕ ਦੂਜੇ ਨੂੰ ਟੱਕਰ ਦਿੰਦੇ ਦਿਖਣਗੇ।

Mar Gaye O Loko Movie

ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋ ਇਸ ਫਿਲਮ ਦੇ ਦੋ ਅਹਿਮ ਪਹਿਲੂਆਂ ਵਜੋ ਇਸ ਫਿਲਮ ‘ਚ ਨਜ਼ਰ ਆਉਣਗੇ। ਬੀਨੂੰ ਢਿੱਲੋਂ ਪਹਿਲੀ ਵਾਰ ਇਸ ਫ਼ਿਲਮ ‘ਚ ਤੀਹਰਾ ਕਿਰਦਾਰ ਨਿਭਾ ਰਹੇ ਹਨ। ਇਹ ਗਿੱਪੀ ਗਰੇਵਾਲ ਦੀ ਜ਼ਿੰਦਾਦਿਲੀ ਤੇ ਪ੍ਰੋਫੈਸ਼ਨਲ ਸੋਚ ਹੀ ਹੈ ਕਿ ਉਹਨਾਂ ਨੇ ਫ਼ਿਲਮ ਦਾ ਪ੍ਰੋਡਿਊਸਰ ਹੁੰਦੇ ਹੋਏ ਵੀ ਹੋਰਾਂ ਵਾਂਗ ਆਪਣਾ ਕਿਰਦਾਰ ਵੱਡਾ ਨਹੀਂ ਕੀਤਾ ਬਲਕਿ ਫ਼ਿਲਮ ਦੀ ਮੰਗ ਅਨੁਸਾਰ ਹੀ ਬੀਨੂੰ ਢਿੱਲੋਂ ਦੇ ਕਿਰਦਾਰ ‘ਤੇ ਜ਼ੋਰ ਦਿੱਤਾ। ਇਸ ਫ਼ਿਲਮ ‘ਚ ਦਰਸ਼ਕ ਬੀਨੂੰ ਢਿੱਲੋਂ ਨੂੰ ਗਿੱਪੀ ਗਰੇਵਾਲ ਬਣਿਆ ਵੀ ਦੇਖਣਗੇ। ਗਿੱਪੀ ਗਰੇਵਾਲ ਦੀ ਲਿਖੀ ਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਬੀਨੂੰ ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਪਹਿਲੀ ਵਾਰ ਇਸ ਫ਼ਿਲਮ ਲਈ ਗਿੱਪੀ ਨੇ ਫ਼ੋਨ ਕੀਤਾ ਤਾਂ ਉਹ ਘਰੋਂ ਫ਼ਿਲਮ ਲਈ ਨਾਂਹ ਕਹਿਣ ਦਾ ਮਨ ਬਣਾਕੇ ਹੀ ਗਿੱਪੀ ਨੂੰ ਮਿਲਣ ਆਏ ਸਨ।

ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਗਿੱਪੀ ਆਪਣੀ ਫ਼ਿਲਮ ‘ਚ ਕਿਸੇ ਹੋਰ ਨੂੰ ਅਜਿਹਾ ਵੱਡਾ ਰੋਲ ਦੇਣਗੇ। ਜਦੋਂ ਉਹਨਾਂ ਨੇ ਗਿੱਪੀ ਤੋਂ ਇਸ ਫ਼ਿਲਮ ਦੀ ਕਹਾਣੀ ਬਾਰੇ ਸੁਣਿਆ ਤਾਂ ਬੀਨੂੰ ਢਿੱਲੋਂ ਨੇ ਉਸੇ ਵੇਲੇ ਹਾਂ ਕਰ ਦਿੱਤੀ ਸੀ। ਇਹ ਪਹਿਲੀ ਵਾਰ ਹੈ ਕਿ ਕਿਸੇ ਹੀਰੋ ਨੇ ਆਪਣੀ ਫ਼ਿਲਮ ‘ਚ ਕਿਸੇ ਹੋਰ ਨੂੰ ਆਪਣੇ ਨਾਲੋਂ ਵੱਡਾ ਕਿਰਦਾਰ ਕਰਨ ਦਾ ਮੌਕਾ ਦਿੱਤਾ ਹੋਵੇ। ਇਸ ਫ਼ਿਲਮ ‘ਚ ਦਰਸ਼ਕ ਗਿੱਪੀ ਦੇ ਨਾਲ ਖੂਬਸੂਰਤ ਅਦਾਕਾਰਾ ਨੂੰ ਦੇਖਣਗੇ। ਫ਼ਿਲਮ ‘ਚ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਰੁਪਿੰਦਰ ਰੂਪੀ, ਜੱਗੀ ਸਿੰਘ, ਰਘਬੀਰ ਬੋਲੀ ਸਮੇਤ ਕਈ ਨਵੇਂ ਪੁਰਾਣੇ ਚਿਹਰੇ ਨਜ਼ਰ ਆਉਣਗੇ।

up2mark
the authorup2mark

Leave a Reply